Wednesday 4 January 2017

ਚਿੱਟੀਸਿੰਘਪੁਰਾ ਕਤਲਾਮ

ਚਿੱਟੀਸਿੰਘਪੁਰਾ ਕਤਲਾਮ

ਦੇ ਇਨਸਾਫ ਲਈ ਤੁਹਾਡੀ ਮਦਦ ਲਈ ਦੁਹਾਈ ਹੈ

ਫਾਰੂਖ ਅਬਦੁੱਲੇ ਦੇ ਬਿਆਨ ਬਾਦ ਕਹਾਣੀ ਹੀ ਕੁਝ ਹੋਰ ਹੀ ਨਿਕਲਦੀ ਹੈ 



 ਚਿੱਟੀਸਿੰਘਪੁਰਾ ਜਿੱਲਾ ਅਨੰਤਨਾਗ ਕਸ਼ਮੀਰ ਦਾ ਪਿੰਡ ਹੈ ਜਿਥੇ ਅਣਪਛਾਤੇ ਬੰਦੂਕਧਾਰੀਆਂ, ਜੋ ਫੌਜੀ ਵਰਦੀ ‘ਚ ਆਏ ਸਨ ਨੇ 35 ਨਿਰਦੋਸ਼ ਸਿੱਖ ਘਰਾਂ ਚੋਂ ਕੱਢ ਕੇ ਮਾਰ ਦਿਤੇ ਸਨ।ਇਹ ਘਟਨਾਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਆਉਣ ਤੋਂ ਐਨ ਤਿੰਨ ਦਿਨ ਪਹਿਲਾਂ (20.3.2000)ਕੀਤੀ ਗਈ ਸੀ। ਕੇਂਦਰ ਦੀ ਭਾਜਪਾ ਸਰਕਾਰ ਅਤੇ ਭਾਰਤੀ ਅਖਬਾਰਾਂ ਤੇ ਟੀ ਵੀ ਨੇ ਓਦੋ ਇਲਜਾਮ ਲਾਇਆ ਸੀ ਕਿ ਇਹ ਪਾਕਿਸਤਾਨੀ ਦਹਿਸ਼ਦਗਰਦਾਂ ਦਾ ਕਾਰਾ ਹੈ। ਓਦੋਂ ਕੁਝ ਸਿੱਖਾਂ ਨੇ ਪਾਕਿਸਤਾਨੀ ਦੂਤਘਰ ਅੱਗੇ ਜੋਰਦਾਰ ਮੁਜਾਹਰੇ ਵੀ ਕੀਤੇ ਸਨ।ਓਧਰ ਕਸ਼ਮੀਰ ਦੀ ‘ਅਖੌਤੀ’ ਅਜਾਦੀ ਲਈ ਜੱਦੋਜਹਿਦ ਕਰ ਰਹੀਆਂ ਜਥੇਬੰਦੀਆਂ ਨੇ ਸਾਫ ਇਨਕਾਰ ਕਰ ਦਿਤਾ ਕਿ ਇਹ ਓਨਾਂ ਦਾ ਕਾਰਾ ਹੈ।



ਇਸ ਉਪਰੰਤ 25 ਮਾਰਚ ਨੂੰ ਲਾਗਲੇ ਪਿੰਡ ਪਥਰੀਬਲ ਵਿਖੇ ਫੌਜ ਨੇ 5 ਬੰਦੇ ਇਹ ਕਹਿ ਕੇ ਮਾਰ ਦਿਤੇ ਕਿ ਇਹ ਪਾਕਿਸਤਾਨੀ ਅੱਤਵਾਦੀ ਹਨ ਤੇ ਇਨਾਂ ਨੇ ਚਿੱਟੀਸਿੰਘਪੁਰਾ ਦਾ ਕਤਲਾਮ ਕੀਤਾ ਹੈ। ਪਰ ਸਥਾਨਕ ਲੋਕਾਂ ‘ਚ ਤੜਥੱਲੀ ਮਚ ਗਈ ਕਿਉਕਿ ਲਾਗਲੇ ਪਿੰਡਾਂ ਦੇ ਪੰਜ ਲੋਕ ਗਾਇਬ ਸਨ। ਕਸ਼ਮੀਰੀਆਂ ‘ਚ ਏਨੀ ਹਾਹਾਕਾਰ ਮਚ ਗਈ ਕਿ ਬਰਾਕਪੁਰਾ ਮੁਜਾਹਰੇ ਵਿਚ ਹੀ ਪੁਲਸ ਨੇ 11 ਬਂੰਦੇ ਮਾਰ ਦਿਤੇ। ਸਰਕਾਰ ਨੂੰ ਮਜਬੂਰਨ ਪੱਥਰੀਬਲ ਵਾਲੀਆਂ 5 ਲਾਸ਼ਾਂ ਪੁਟਣੀਆਂ ਪਈਆਂ।  ਡੀ ਐਨ ਏ ਟੈਸਟਾਂ ਤੋ ਸਾਬਤ ਹੋ ਗਿਆ ਕਿ ਮਾਰੇ ਗਏ ਲੋਕ ਪਾਕਿਸਤਾਨੀ ਸ਼ਹਿਰੀ ਨਹੀ ਸਗੋਂ ਸਥਾਨਕ ਵਸਨੀਕ ਸਨ। ਸੀ ਬੀ ਆਈ ਦੀ ਇਨਕੁਆਰੀ ਨੇ ਲਿਖਿਆ:-
“ਜਾਂਚ ਪੜਤਾਲ ਤੋ ਗਲ ਸਾਹਮਣੇ ਆਈ ਹੈ ਕਿ ਇਹ ਕੋਈ ਅਸਲੀ ਮੁਕਾਬਲਾ ਨਹੀ ਸੀ। ਕਰਨਲ ਅਜੇ ਸਕਸੈਨਾ ਕਮਾਂਡਿੰਗ ਅਫਸਰ  7 ਆਰ ਆਰ (ਅਜ ਕਲ ਬ੍ਰਗੇਡੀਅਰ),  ਮੇਜਰ ਬੀ ਪੀ ਸਿੰਘ (ਹੁਣ ਲੈ. ਕਰਨਲ), ਮੇਜਰ ਸੌਰਭ ਸ਼ਰਮਾ, ਮੇਜਰ ਅਮਿਤ ਸਕਸੈਨਾ, ਸੂਬੇਦਾਰ ਇਦਰੀਸ ਖਾਨ ਤੇ 7 ਆਰ ਆਰ ਦੇ ਹੋਰ ਫੌਜੀ ਨੇ 21.3.2000 ਅਤੇ 25.3.2000 ਦਰਮਿਆਨ ਸਾਜ਼ਿਸ ਰਚੀ ਕਿ ਕੁਝ ਬੰਦਿਆਂ ਨੂੰ ਅਗਵਾਅ ਕਰਕੇ ਇਕ ਨਕਲੀ ਮੁਕਾਬਲਾ ਬਣਾਇਆ ਜਾਵੇ ਤੇ ਦਸਿਆ ਇਹ ਜਾਵੇ ਕਿ ਚਿੱਟੀਸਿੰਘਪੁਰਾ ਦੇ ਕਾਤਲ ਮਾਰ ਦਿਤੇ ਗਏ ਨੇ।”
ਇਨਾਂ ਫੌਜੀ ਅਫਸਰਾਂ ਤੇ ਹੁਣ ਅਦਾਲਤ ਵਿਚ ਮੁਕੱਦਮਾ ਚਲ ਰਿਹਾ ਹੈ। ਇਹ ਕਾਤਲ ਅਫਸਰ ਅਜਕਲ ਅਦਾਲਤਾਂ ‘ਚ ਭੱਜੇ ਫਿਰ ਰਹੇ ਕਿ ਇਹ ਕੰਮ ਓਨਾਂ ਅੱਤਵਾਦ ਖਿਲਾਫ ਲੜਾਈ ਦੌਰਾਨ ਕੀਤਾ ਹੈ ਤੇ ਕਸ਼ਮੀਰ ਵਿਚ ਫੌਜ ਨੂੰ ਇਹ ਮਾਫ ਹੈ।ਸੋ ਇਨ੍ਹਾਂ ਅਫਸਰਾਂ ਕਰਕੇ ਅੱਜ ਭਾਰਤ ਦਾ ਲੋਕਤੰਤਰ ਦਾਅ ਤੇ ਲੱਗ ਗਿਆ ਹੈ ਦੇਖੋ ਅੰਤ ਵਿਚ ਕੀ ਨਿਬੜਦਾ ਹੈ। ਖੈਰ ਇਨਾਂ 5 ਕਤਲਾਂ ਦਾ ਤਾਂ ਇਕ ਕਿਸਮ ਦਾ ਇਨਸਾਫ ਮਿਲਦਾ ਨਜਰ ਆਉਦਾ ਹੈ ਪਰ 35 ਸਿੱਖਾਂ ਦਾ ਕੁਝ ਨਾਂ ਬਣਿਆ।

ਸਰਕਾਰ ਦੀ ਨੀਤ ਸ਼ੱਕੀ
ਕਿਉਕਿ ਓਦੋ ਸਰਕਾਰ ਨੇ ਇਹ ਕਿਹਾ ਸੀ ਕਿ ਇਹ ਅੱਤਵਾਦੀਆਂ ਦਾ ਕਾਰਾ ਹੈ ਤੇ ਕੁਦਰਤੀ  ਗਲ ਬਣਦੀ ਸੀ ਕਿ ਸਰਕਾਰ ਸਾਰੇ ਮਾਮਲੇ ਦੀ ਘੋਖ ਪੜਤਾਲ ਕਰਦੀ। ਬੰਬਈ ਦੇ ਕਤਲਾਮ ਦੇ ਦੇਖੋ ਕਿੱਡੀ ਛੇਤੀ ਫੈਸਲਾ ਆ ਗਿਆ ਹੈ । ਸਭ ਪਾਸੇ ਕਸਾਬ ਕਸਾਬ ਹੀ ਹੋ ਰਿਹਾ ਹੈ। ਜੇ ਸਰਕਾਰਾਂ ਭਾਰਤ ਦਾ ਧਰਮਨਿਰਪੱਖ ਅਕਸ ਰਖਣਾ ਲੋਚਦੀਆਂ ਹਨ ਤਾਂ ਇਨਾਂ ਨੂੰ ਘੱਟ ਗਿਣਤੀਆਂ ਦੇ ਸਬੰਧ ਵਿਚ ਵੀ ਏਹੋ ਜੋਸ਼ ਦਿਖਾਉਣਾ ਪਏਗਾ।  ਕਿਸੇ ਕਤਲ ਦੇ ਕੇਸ ਵਿਚ ਜੇ ਸਰਕਾਰ 10 ਸਾਲ ਤੋਂ ਜਿਆਦਾ ਸਮਾਂ ਕੱਢ ਰਹੀ ਹੈ ਤਾਂ ਇਸ ਨਾਲ ਸ਼ੱਕ ਗਹਿਰਾ ਹੋ ਜਾਂਦਾ ਹੈ ਕਿ ਕਿਤੇ ਦਾਲ ਵਿਚ ਕੁਝ ਤਾਂ ਕਾਲਾ ਤਾਂ ਨਹੀ ਹੈ। ਉਂਜ ਇਕ ਗਲ ਲਗ ਪਗ ਸਪੱਸ਼ਟ ਹੋ ਚੁੱਕੀ ਹੈ ਕਿ ਪੱਥਰੀਬਲ ਵਾਲੇ ਝੂਠੇ ਮੁਕਾਬਲੇ ‘ਚ ਨਾਮਜਦ ਹੋਏ ਫੌਜੀ ਅਫਸਰਾਂ ਨੂੰ ਪੂਰਾ ਪਤਾ ਸੀ ਕਿ ਚਿੱਟੀਸਿੰਘਪੁਰਾ ਦਾ ਕਤਲਾਮ ਕਿਹਨੇ ਕੀਤਾ ਅਤੇ ਅਸਲ ਕਾਤਲਾਂ ਨੂੰ ਛੁਪਾਉਣ ਖਾਤਰ ਹੀ ਫੌਜੀਆਂ ਕੋਲੋ ਬੇਦੋਸ਼ੇ ਪੰਜ ਸ਼ਹਰੀ ਮਰਵਾ ਕੇ ਇਹ ਮਨੁੱਖਤਾ ਵਿਰੋਧੀ ਜੁਰਮ ਕਰਵਾਇਆ ਗਿਆ।ਜੇ ਪਾਕਿਸਤਾਨ ਤੇ ਸ਼ੱਕ ਸੀ ਤਾਂ ਕਿਓ ਨਾਂ ਮਾਮਲੇ ਦੀ ਜਾਂਚ ਕਰਵਾਈ। ਇਹ ਸਭ ਕੁਝ ਭਾਰਤੀ ਸ਼ਹਿਰੀਆਂ ਨੂੰ ਮੂਰਖ ਬਣਾਉਣ ਵਾਸਤੇ ਬਿਆਨ ਦਾਗੇ ਗਏ ਸਨ।

ਫਾਰੂਖ ਅਬਦੁੱਲਾ ਨੇ ਭਾਂਡਾ ਵਿਚ ਚੌਰਾਹੇ ਭੰਨਿਆ
ਡਾ. ਫਾਰੂਖ ਅਬਦੁੱਲਾ ਸਾਬਕਾ ਮੁੱਖ ਮੰਤਰੀ ਨੇ ਹੁਣ ਇਹ ਗਲ ਕਹਿ ਦਿਤੀ ਹੈ ਕਿ ਜੀ ਮੈ ਤਾਂ ਚਿੱਟੀਸਿੰਘਪੁਰਾ ਕਤਲਾਮ ਦੀ ਜਾਂਚ ਪੜਤਾਲ ਕਰਾਉਣ ਲਗਾ ਸੀ ਪਰ ਕੁਝ ਬਾ-ਰਸੂਖ ਤਾਕਤਾਂ ਨੇ ਮੈਨੂੰ ਵਰਜ ਦਿਤਾ। ਓਨੇ ਕਿਹਾ ਕਿ ਮੈਂ ਇਕ ਕਿਤਾਬ ਲਿਖ ਰਿਹਾ ਹਾਂ ਜਿਸ ਵਿਚ ਓਨਾਂ ਲੋਕਾਂ ਦੀ ਸ਼ਨਾਖਤ ਕਰਾਂਗਾ  ਜਿਨਾਂ ਨੇ ਤਫਤੀਸ਼ ਨਹੀ ਸੀ ਹੋਣ ਦਿਤੀ।

ਬਿੱਲ ਕਲਿੰਟਨ ਨੇ ਕਿਹਾ ਕਿ ਇਹ ਹਿੰਦੂ ਅੱਤਵਾਦੀਆਂ ਦਾ ਕਾਰਾ ਹੈ। ਓਨੇ ਇਹ ਵੀ ਕਹਿ ਦਿਤਾ ਕਿ ਮੈਨੂੰ ਦੁਖ ਹੈ ਕਿ ਮੈਂ ਭਾਰਤ ਆਇਆ ਤੇ ਮੈਨੂੰ ਪ੍ਰਭਾਵਤ ਕਰਨ ਲਈ ਇਹ ਕਤਲਾਮ ਹੋਇਆ। ਜੇ ਨਾਂ ਆਉਦਾ ਤੇ ਨਹੀ ਸੀ ਹੋਣਾ। ਪਰ ਬਦਕਿਸਮਤੀ, ਭਾਰਤੀ ਮੀਡੀਏ ਨੇ ਕਲਿੰਟਨ ਦੇ ਬਿਆਨ ਨੂੰ ਦਬਾ ਦਿਤਾ। ਯਾਦ ਰਹੇ ਏਹੋ ਜਿਹੇ ਕਾਰੇ ਮੁਲਕ ਨੂੰ ਕਮਜੋਰ ਕਰਦੇ ਹਨ। ਮਾਮਲੇ ਦੀ ਪੜਤਾਲ ਕਰਾਉਣੀ ਖੁੱਦ ਭਾਰਤ ਦੇ ਹੱਕ ਵਿਚ ਹੈ ਇਸ ਨਾਲ ਲੋਕਾਂ ਦੇ ਮਨਾਂ ਵਿਚ ਅਦਾਲਤਾਂ ਪ੍ਰਤੀ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ।

ਇਹ ਕਤਲਾਮ ਕਿਓ ਕੀਤਾ ਗਿਆ?
ਸਾਡੇ ਅੰਦਾਜੇ ਮੁਤਾਬਿਕ ਓਦੋਂ ਦੀ ਭਾਜਪਾ ਸਰਕਾਰ ਨੇ  ਇਹ ਘਿਨੋਣਾ ਕਾਰਾ ਇਸ ਕਰਕੇ ਕੀਤਾ ਕਿਉਕਿ ਇਸ ਨਾਲ ਦੋ ਨਿਸ਼ਾਨੇ ਇਕੋ ਤੀਰ ਨਾਲ ਫੁੰਡੇ ਜਾਂਦੇ ਸਨ: ਨੰ.1. ਕਸ਼ਮੀਰੀਆਂ ਦੀ ਜੱਦੋ ਜਹਿਦ ਨੂੰ ਬਦਨਾਮ ਕਰਨਾਂ ਨੰ.2.ਕਸ਼ਮੀਰੀ ਮੁਸਲਮਾਨਾਂ ਤੇ ਸਿੱਖਾਂ ਵਿਚ ਫੁੱਟ ਪਾਉਣਾ ਤਾਂ ਕਿ ਪੰਜਾਬ ਦੇ ਸਿੱਖ ਵੀ ਮੁਸਲਮਾਨਾਂ ਤੇ ਪਾਕਿਸਤਾਨ ਦੇ ਦੁਸ਼ਮਣ ਬਣ ਜਾਣ ਤੇ ਸਿੱਖ-ਮੁਸਲਮਾਨ ਫਸਾਦ ਕਰਵਾਏ ਜਾਣ। ਓਦੋ 25 ਮਾਰਚ ਨੂੰ ਅਡਵਾਨੀ ਚਿੱਟੀਸਿੰਘਪੁਰਾ ਗਏ ਤਾਂ ਉਨਾਂ ਬਿਆਨ ਦਿਤਾ ਕਿ ਅਸੀ ਸਿੱਖਾਂ ਦੀ ਸੁਰੱਖਿਆ ਵਧਾ ਦਿੰਦੇ ਹਾਂ। ਪਰ ਸਮਝਦਾਰ ਕਸ਼ਮੀਰੀ ਸਿੱਖਾਂ ਨੇ ਅਡਵਾਨੀ ਨੂੰ ਮੁੰਹ ਤੋੜ ਜਵਾਬ ਦੇ ਦਿਤਾ ਕਿ ਸਾਡੀ ਕਸ਼ਮੀਰੀ ਮੁਸਲਮਾਨਾਂ ਨਾਲ ਕੋਈ ਦੁਸ਼ਮਣੀ ਨਹੀ ਹੈ। 

ਉਂਜ ਇਹ ਘਟਨਾਂ ਸਾਡੇ ਸਿੱਖ ਲੀਡਰਾਂ ਲਈ ਇਕ ਸਬਕ ਵੀ ਹੈ ਕਿ ਸਰਕਾਰਾਂ ਦੀਆਂ ਚਾਲਾਂ  ਵਿਚ ਨਹੀ ਆਉਣਾ ਚਾਹੀਦਾ। ਕਾਂਗਰਸ ਦੀਆਂ ਸਰਕਾਰਾਂ ਤੇ ਸਿੱਖਾਂ ਦਾ ਗਿਲਾ ਹੈ ਕਿ ਉਨਾਂ ਪੜਤਾਲ ਕਿਓ ਨਾਂ ਕਰਵਾਈ ਖਾਸ ਕਰਕੇ ਜਦੋ ਭਾਰਤ ਦਾ ਪ੍ਰਧਾਨ ਮੰਤਰੀ ਸਿੱਖ ਹੋਵੇ। ਯਾਦ ਰਹੇ ਇਹ ਘਟਨਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਕਾਰਕਰਦਗੀ ਤੇ ਭਵਿਖ ਵਾਸਤੇ ਆਪਣਾ ਅਕਸ ਛਡਦੀ ਰਹੇਗੀ।

ਸੀਬੀਆਈ ਦੇ ਡਾਇਰੈਕਟਰ ਯੂ ਐਸ ਮਿਸ਼ਰਾ ਨੇ ਉਂਜ ਸੰਨ 2005 ਵਿਚ ਬਿਆਨ ਦਿਤਾ ਸੀ ਕਿ ਜਾਂਚ ਰਿਪੋਰਟ ਨਵੰਬਰ ਦੇ ਪਹਿਲੇ ਹਫਤੇ ਵਿਚ ਆ ਜਾਵੇਗੀ ਪਰ ਉਸ ਉਪਰੰਤ ਸੀਬੀਆਈ ਚੁਪ ਹੋ ਗਈ। ਅਸਾਂ ਆਰ ਟੀ ਆਈ ਕਨੂੰਨ ਤਹਿਤ ਇਸ ਗਲ ਦਾ ਜੁਆਬ ਵੀ ਮੰਗਿਆ ਹੈ ਪਰ ਅਜੇ ਤਕ ਮਿਲਿਆ ਨਹੀ। ਦੇਖੋ ਕੀ ਕਹਿਦੇ ਨੇ।
ਯਾਦ ਰਹੇ ਕਸ਼ਮੀਰ ‘ਚ ਕੁਲ 70,000 ਦੇ ਕਰੀਬ ਸਿੱਖ ਹਨ।

ਹੁਣ ਇਕ ਸੁਆਲ -ਕੀ ਇਹ ਮੁੱਗਲ ਹਕੁਮਤ ਨਾਲੋ ਵੀ ਮਾੜੀ ਗਲ ਨਹੀ? ਚਿੱਟੀਸਿੰਘਪੁਰਾ ਦੀ ਘਟਨਾਂ ਚਾਹੇ ਪਾਕਿਸਤਾਨ ਨੇ ਕੀਤੀ ਹੋਵੇ ਜਾਂ ਭਾਰਤ ਦੀ ਭਾਜਪਾ ਸਰਕਾਰ ਨੇ ਇਹ ਗਲ ਸਾਬਤ ਹੁੰਦੀ ਹੈ ਕਿ ਸਰਕਾਰਾਂ ਕਿਸੇ ਅੰਤਰ ਰਾਸ਼ਟਰੀ ਮੁੱਦੇ ਤੇ ਆ ਕੇ ਆਪਣੇ ਖੁੱਦ ਦੇ ਨਾਗਰਕ ਵੀ ਮਾਰ ਸਕਦੀਆਂ ਹਨ। ਕਿਉਕਿ ਦੋਵਾਂ ਮੁਲਕਾਂ ਵਿਚ ਖਿਚਾਅ ਬਣਿਆ ਹੋਇਆ ਹੈ ਇਨਾਂ ਅਗਲੇ ਨੂੰ ਕਸੂਰਵਾਰ ਠਹਿਰਾਉਣ ਖਾਤਰ ਆਪਣੇ ਹੀ ਨਾਗਰਿਕ ਮਾਰ ਦਿਤੇ। ਇਨਾਂ ਨਾਲੋਂ ਤਾਂ ਫਿਰ ਮੱਧਕਾਲੀਨ ਯੁਗ ਚੰਗਾ ਸੀ ਕਿਉਕਿ ਓਦੋ ਰਾਜਾ ਕਦੀ ਅਜਿਹੀ ਘਿਨੌਣੀ ਕਾਰਵਾਈ ਆਪਣੀ ਹੀ ਪਰਜਾ ਤੇ ਨਹੀ ਸੀ ਕਰਦਾ।

ਤੁਸੀ ਇਹਦੇ ਵਿਚ ਕੀ ਕਰ ਸਕਦੇ ਹੋ? ਜੇ ਤੁਹਾਨੂੰ ਆਪਣੇ ਟੱਬਰ ਨਾਲ ਪਿਆਰ ਹੈ, ਆਪਣੇ ਪਿੰਡ, ਆਪਣੇ ਜਿਲੇ, ਆਪਣੇ ਦੇਸ ਨਾਲ ਪਿਆਰ ਹੈ ਲਗਾਅ  ਹੈ ਤਾਂ ਤੁਹਾਡਾ ਫਰਜ ਬਣਦਾ ਹੈ ਕਿ ਤੁਸੀ ਇਸ ਕਤਲਾਮ ਦਾ ਪ੍ਰਚਾਰ ਕਰੋ। ਇਹ ਗਲ ਨਾਂ ਭੁੱਲੋ ਕਿ ਜਿਹੜੇ ਨਿਰਦੋਸ ਬੰਦੇ ਮਾਰ ਦਿਤੇ ਗਏ ਸਨ ਉਹ ਸਿਰਫ ਇਸ ਕਰਕੇ ਮਾਰੇ  ਗਏ ਸਨ ਕਿਉਕਿ ਉਹ ਸਿੱਖ ਸਨ। ਗਵਾਂਢ ਦੇ ਮੁਸਲਮਾਨ ਤੇ ਹਿੰਦੂ ਪ੍ਰਵਾਰਾਂ ਨੂੰ ਓਨਾਂ ਛੇੜਿਆ ਤਕ ਨਹੀ। ਇਨਸਾਨ ਹੋ ਤਾਂ ਤੁਹਾਡਾ ਫਰਜ ਬਣਦਾ ਹੈ ਜੇ ਸਿੱਖ ਹੋ ਤਾਂ ਜਿਆਦਾ ਬਣਦਾ ਹੈ। ਕਤਲ ਇਨਸਾਨੀਅਤ ਦਾ ਹੋਇਆ ਸੀ।

ਅਸੀ ਇਨਾਂ ਨੂੰ ਕੀ ਆਖੀਏ? ਚਮਚੇ ਕੇ ਕੜਛੇ!
ਮੈਂ ਸਮਝਦਾ ਇਨਾਂ ਅਨਭੋਲ ਹੀ ਇਹ ਚਮਚਾਗਿਰੀ ਕੀਤੀ। ਹੁਣ ਕਿਉਕਿ ਗਲ ਕੁਝ ਸਪੱਸ਼ਟ ਹੋ ਗਈ ਹੈ ਇਨਾਂ ਵੀਰਾਂ ਦਾ ਫਰਜ ਹੁਣ ਜਿਆਦਾ ਬਣਦਾ ਹੈ ਕਿ ਇਹ ਦੁਬਾਰਾ ਮੁਜਾਹਰੇ ਕਰਨ ਜਾਂਚ ਪੜਤਾਲ ਦੀ ਮੰਗ ਕਰਨ ਨਹੀ ਤਾਂ ਅੰਤ ਵੇਲੇ ਇਹ ਮੁਜਾਹਰਾ ਕੀਤਾ ਇਨਾਂ ਨੂੰ ਭੂਤ ਬਣਕੇ ਡਰਾਵੇਗਾ।

No comments:

Post a Comment